ਭਾਰਤੀ ਲੋਕਤੰਤਰ ਦਾ ਜਨਾਜ਼ਾ ਸ਼ੰਭੂ ਅਤੇ ਖਨੌਰੀ ਦੇ ਬਾਰਡਰਾਂ ‘ਤੇ ਸੜਕਾਂ ਕਿਨਾਰੇ ਖਿਲਰਿਆ ਪਿਐ- ਮੁਹੰਮਦ ਜਮੀਲ ਐਡਵੋਕੇਟ
ਮਲੇਰਕੋਟਲਾ, 22 ਮਾਰਚ (ਬਿਉਰੋ): ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ 7ਵੇਂ ਗੇੜ ਦੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ‘ਚ 19 ਮਾਰਚ ਨੂੰ ਹੋਈ ਅਤੇ ਅਗਲੀ ਮੀਟਿੰਗ ਮਈ ‘ਚ ਤੈਅ ਕੀਤੀ ਗਈ । ਇਸ ਮੀਟਿੰਗ ਤੋਂ ਵਾਪਸ ਮੁੜਦਿਆਂ ਹੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੁਲਸ ਨੇ 115 ਦਿਨਾਂ ਤੋਂ ਮਰਨ ਵਰਤ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ, ਅਭਿਮੰਨਯੂ ਕੋਹਾੜ, ਮਨਜੀਤ ਸਿੰਘ ਰਾਏ ਸਮੇਤ ਸਾਰੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਅਤੇ ਇਸ ਤੋਂ ਫੋਰਨ ਬਾਦ ਸ਼ੰਭੂ ਅਤੇ ਖਨੌਰੀ ਮੋਰਚਿਆਂ ਉੱਤੇ ਅੰਨ੍ਹੇਵਾਹ ਤਸ਼ੱਦਦ ਸ਼ੁਰੂ ਕਰ ਦਿੱਤਾ । ਕਿਸਾਨਾਂ ਨੂੰ ਬਸਾਂ ‘ਚ ਭਰਕੇ ਵੱਖ-ਵੱਖ ਥਾਣਿਆਂ ਵਿੱਚ ਡਿਟੇਨ ਕਰ ਲਿਆ । ਮੋਰਚੇ ਦਾ ਕਰੋੜਾਂ ਰੁਪਏ ਦਾ ਸਾਮਾਨ ਟਰਾਲੀਆਂ, ਟਰੈਕਟਰ, ਗੱਡੀਆਂ, ਟਰਾਲੇ, ਸ਼ੈਡ, ਝੁੱਗੀਆਂ, ਗੈਸ ਸਿਲੰਡਰ ਆਦਿ ਕਿਸੇ ਦੁਸ਼ਮਣ ਤੋਂ ਜੰਗ ਜਿੱਤਣ ਤੋਂ ਬਾਦ ‘ਮਾਲ ਏ ਗਨੀਮਤ’ ਵਾਂਗ ਲੁੱਟ ਲਿਆ ਗਿਆ । ਜੇਕਰ ਅੱਜ ਬਾਰਡਰਾਂ ਉੱਤੇ ਜਾ ਕੇ ਦੇਖਿਆ ਜਾਵੇ ਤਾਂ ਲੋਕਤੰਤਰ ਦਾ ਜਨਾਜ਼ਾ ਹਾਈਵੇਅ ਦੇ ਕਿਨਾਰੇ ਪਿਆ ਦਿਖਾਈ ਦੇਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੇਰਕੋਟਲਾ ਤੋਂ ਸਮਾਜਸੇਵੀ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਲੋਕਤੰਤਰ ‘ਚ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਬਣਾਈ ਹੋਈ ਸਰਕਾਰ ਕੰਮ ਕਰਦੀ ਹੈ । ਪੰਜਾਬ ਸਰਕਾਰ ਦੇ ਸਾਰੇ ਮੰਤਰੀ ਬਿਆਨ ਦੇ ਰਹੇ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰੰਤੂ ਉਹਨਾਂ ਦਾ ਕਰੋੜਾਂ ਦਾ ਸਾਮਾਨ ਪਾਰਟੀ ਦੇ ਵਿਧਾਇਕਾਂ, ਸਰਪੰਚਾਂ ਅਤੇ ਵਰਕਰਾਂ ਨੇ ਹੀ ਲੁੱਟ ਲਿਆ ਜਿਸ ਨੇ ਲੋਕਤੰਤਰ ਦੇ ਅਰਥ ਹੀ ਬਦਲ ਦਿੱਤੇ ਹਨ । ਉਹਨਾਂ ਕਿਹਾ ਕਿ ‘ਆਪ’ ਦੇ ਕਿਸੇ ਸਾਂਸਦ, ਵਿਧਾਇਕ, ਚੇਅਰਮੈਨ, ਅਹੁਦੇਦਾਰ ਜਾਂ ਪਾਰਟੀ ਵਰਕਰ ਦਾ ਵੀ ਜ਼ਮੀਰ ਨਹੀਂ ਜਾਗਿਆ ਕਿ ਇਸ ਵਰਤਾਰੇ ਦੀ ਨਿੰਦਾ ਕਰੇ ਜਾਂ ਅਸਤੀਫਾ ਦੇ ਦੇਵੇ ਜੋ ਕਿ ਬਹੁਤ ਹੀ ਸ਼ਰਮਾਨਾਕ ਹੈ । ਪੰਜਾਬ ਦੀ ‘ਆਪ’ ਸਰਕਾਰ ਇਹ ਸਮਝ ਰਹੀ ਹੈ ਕਿ ਅਸੀਂ ਕਿਸਾਨ ਅੰਦੋਲਨ ਖਤਮ ਕਰ ਦਿੱਤਾ ਹੈ ਪਰੰਤੂ ਉਹ ਇਹ ਨਹੀਂ ਜਾਣਦੇ ਕਿ ਉਹਨਾਂ ਸ਼ੰਭੂ ਅਤੇ ਖਨੌਰੀ ਦੇ ਦੋ ਰਸਤੇ ਖਾਲੀ ਕਰਵਾਕੇ ਸਾਰੇ ਸੂਬੇ ਭਰ ਵਿੱਚ ਸੜਕਾਂ ਜਾਮ ਕਰਨ ਲਈ ਕਿਸਾਨਾਂ ਨੂੰ ਉਕਸਾਇਆ ਹੈ । ਉਹਨਾਂ ਕਿਹਾ ਕਿ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਨਾਸ਼ਾਹੀ ਤਰੀਕੇ ਨਾਲ ਕੁਚਲਣਾ, ਲੁੱਟ-ਖਸੁੱਟ ਕਰਨਾ ਆਮ ਆਦਮੀ ਪਾਰਟੀ ਦੇ ਤਾਬੂਤ ਦਾ ਆਖਰੀ ਕਿੱਲ ਸਾਬਤ ਹੋਵੇਗਾ ਜੋ ਅਗਾਮੀ ਵਿਧਾਨ ਸਭਾ ਚੋਣਾਂ 2027 ‘ਚ ਦੇਖਣ ਨੂੰ ਮਿਲੇਗਾ ।



