“ਜਬ-ਜਬ ਜ਼ੁਲਮ ਹੋਗਾ, ਤਬ-ਤਬ ਜਿਹਾਦ ਹੋਗਾ”, “ਪੀਠ ਪੇ ਗੋਲੀ ਨਹੀਂ ਖਾਏਂਗੇ, ਗੋਲੀ ਸੀਨੇ ਮੇਂ ਖਾਏਂਗੇ, ਵਕਫ ਜਾਇਦਾਦਾਂ ਸਿਰਫ ਮੁਸਲਮਾਨਾਂ ਦੀ ਮਲਕੀਅਤ ਹੈ, ਆਜ ਮੁਸਲਮਾਨ ਰਾਹ ਚਲਤੇ ਅਸੁਰੱਖਿਅਤ ਮਹਿਸੂਸ ਕਰਦੈ – ਮੌਲਾਨਾ ਮਹਿਮੂਦ ਮਦਨੀ

author
0 minutes, 3 seconds Read

ਜਮੀਅਤ ਮੁਖੀ ਨੇ ਬਾਬਰੀ ਮਸਜਿਦ ਅਤੇ ਤਿੰਨ ਤਲਾਕ ਵਾਲੇ ਮਾਮਲਿਆਂਤੇ ਸੁਪਰੀਮ ਕੋਰਟ ਦੇ ਰੁਖ਼ਤੇ ਸਵਾਲ ਉਠਾਏ

2014 ਤੋਂ ਮੋਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਕਿ ਮੁਸਲਮਾਨਾਂ ਦੇ ਸਬਰ ਨੂੰ ਚੈਕ ਕਰਨਾ ਹੈ । ਕਿਸੇ ਨੂੰ ਦਾਹੜੀ-ਟੋਪੀ ਦੇਖਕੇ ਕੁੱਟ ਦਿਤਾ ਜਾਂ ਮਾਰ ਦਿਤਾ ਜਾਂਦੈ, ਕਿਸੇ ਮਸਜਿਦ, ਮਦਰਸਾ, ਘਰ ਜਾਂ ਦੁਕਾਨ ‘ਤੇ ਬੁਲਡੋਜ਼ਰ ਚਲਾ ਦਿੱਤਾ ਜਾਂਦੈ । ਦੇਸ਼ ਦੀ ਸਰਵ ਉੱਚ ਪੰਚਾਇਤ ਪਾਰਲੀਮੈਂਟ ‘ਚ ਦੇਸ਼ ਦੀ ਤਰੱਕੀ ਦੀਆਂ ਵਿਉਂਤਾਂ ਬਣਾਉਣ ਦੀ ਬਜਾਏ ਉੱਥੇ ਵੀ ਤਿੰਨ ਤਲਾਕ ਅਤੇ ਬਾਬਰੀ ਮਸਜਿਦ ਜਿਹੇ ਧਾਰਮਿਕ ਮਾਮਲਿਆਂ ਤੇ ਚਰਚਾ ਕੀਤੀ ਜਾਂਦੀ ਹੈ ਭਾਵੇਂਕਿ ਡਾਲਰ ਦੇ ਮੁਕਾਬਲੇ ਦੇਸ਼ ਦਾ ਰੁਪਈਆਂ ਇਤਿਹਾਸਕ ਨਿਚਲੇ ਪੱਧਰ ਤੇ ਹੀ ਕਿਉਂ ਪੁੱਜ ਜਾਵੇ । ਅਦਾਲਤਾਂ ਇੱਕ ਖਾਸ ਧਰਮ ਦੇ ਧਾਰਮਿਕ ਸਥਾਨ ਆਪਣੀ ਦੇਖਰੇਖ ‘ਚ ਬਣਾਕੇ ਦੇ ਰਹੀਆਂ ਨੇ । ਮੁਸਲਮਾਨ ਨੌਜਵਾਨ 5-5 ਸਾਲਾਂ ਤੋਂ ਬੇਕਸੂਰ ਜੇਲ੍ਹਾਂ ਵਿੱਚ ਬੰਦ ਨੇ । ਨਾ ਉਹਨਾਂ ਦੇ ਟਰੈਲ, ਨਾ ਬੇਲ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ । ਸਰਕਾਰ ਅਤੇ ਅਦਾਲਤਾਂ ਨੂੰ ਸਵਾਲ ਕਰਨ ਵਾਲਿਆਂ ‘ਤੇ ਪਰਚੇ ਪਾ ਕੇ ਬਿਨਾਂ ਸੁਣਵਾਈ ਜੇਲ੍ਹਾਂ ਵਿੱਚ ਸੁੱਟ ਦਿਤਾ ਜਾਂਦੈ । ਦੇਸ਼ ਦਾ ਮੀਡੀਆ ਅਜਿਹਾ ਮਾਹੌਲ ਬਣਾ ਚੁੱਕੈ ਜਿਵੇਂ ਮੁਸਲਮਾਨ ਦੇਸ਼ ਦਾ ਨਾਗਰਿਕ ਹੀ ਨਹੀਂ ਹੈ । ਅਜਿਹੇ ਹਾਲਾਤ ਤੋਂ ਬੇਬਸ ਹੋ ਕੇ ਮੁਸਲਿਮ ਸਕਾਲਰ ਮੌਲਾਨਾ ਮਹਿਮੂਦ ਮਦਨੀ ਨੇ ਆਪਣੇ ਇੱਕ ਭਾਸ਼ਣ ‘ਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜਿਸ ਰਾਹੀਂ ਉਹਨਾਂ ਦੱਸਿਆ ਹੈ ਕਿ ਦੇਸ਼ ਦਾ ਮੁਸਲਮਾਨ ਹੁਣ ਆਪਣਾ ਸਬਰ ਖੋ ਚੁੱਕਾ ਹੈ ਜੇਕਰ ਦੇਸ਼ ਅੰਦਰ ਨਫਰਤ ਫੈਲਾਉਣ ਵਾਲੇ ਲੋਕਾਂ ਨੂੰ ਨੱਥ ਨਾ ਪਾਈ ਗਈ ਤਾਂ ਮੁਸਲਮਾਨਾਂ ਦੇ ਸਬਰ ਦਾ ਪੈਮਾਨਾ ਛਲਕਣ ਦੀ ਕਗਾਰ ‘ਤੇ ਹੈ ।

ਭੋਪਾਲ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੌਲਾਨਾ ਮਹਿਮੂਦ ਮਦਨੀ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸੁਪਰੀਮ ਕੋਰਟ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ । ਬਾਬਰੀ ਮਸਜਿਦ, ਤਿੰਨ ਤਲਾਕ ਸਮੇਤ ਕਈ ਹੋਰ ਮਾਮਲਿਆਂ ਦੇ ਫੈਸਲਿਆਂ ਤੋਂ ਬਾਅਦ, ਅਜਿਹਾ ਲੱਗਦਾ ਹੈ ਕਿ ਅਦਾਲਤਾਂ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀਆਂ ਹਨ। ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਨੇ ਅਦਾਲਤਾਂ ਦੇ ਵਿਵਹਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੁਪਰੀਮ ਕੋਰਟ ਨੂੰ ਸਿਰਫ਼ ਤਾਂ ਹੀ ਸੁਪਰੀਮ ਕਹਾਉਣ ਦਾ ਹੱਕ ਹੈ ਜੇਕਰ ਇਹ ਸੰਵਿਧਾਨ ਦੀ ਪਾਲਣਾ ਕਰਦੀ ਹੈ ਅਤੇ ਕਾਨੂੰਨ ਨੂੰ ਬਰਕਰਾਰ ਰੱਖਦੀ ਹੈ। ਜੇ ਇਹ ਅਜਿਹਾ ਨਹੀਂ ਕਰਦੀ, ਤਾਂ ਇਹ ਸੁਪਰੀਮ ਕਹਾਉਣ ਦੇ ਹੱਕਦਾਰ ਨਹੀਂ ਹੈ ।

ਲਵ ਜਿਹਾਦ, ਲੈਂਡ ਜਿਹਾਦ, ਐਜੂਕੇਸ਼ਨ ਜਿਹਾਦ ਅਤੇ ਥੁੱਕ ਜਿਹਾਦ ਵਰਗੇ ਸ਼ਬਦਾਂ ਦੀ ਵਰਤੋਂ ਮੁਸਲਮਾਨਾਂ ਨੂੰ ਬਹੁਤ ਦਰਦ ਦਿੰਦੀ ਹੈ। ਇਹ ਉਨ੍ਹਾਂ ਦੇ ਧਰਮ ਦਾ ਅਪਮਾਨ ਕਰਦਾ ਹੈ । ਉਨ੍ਹਾਂ ਕਿਹਾ ਕਿ ਇਸਲਾਮੀ ਪਵਿੱਤਰ ਗ੍ਰੰਥ ਕੁਰਾਨ ਵਿੱਚ, ਇਹ ਸ਼ਬਦ ਜ਼ੁਲਮ ਅਤੇ ਹਿੰਸਾ ਨੂੰ ਖਤਮ ਕਰਨ ਦੇ ਅਰਥਾਂ ਵਿੱਚ ਵਰਤੇ ਗਏ ਹਨ। ਵਿਵਾਦਪੂਰਨ ਬਿਆਨ ਦੇਣ ਵਾਲੇ ਮੌਲਾਨਾ ਮਹਿਮੂਦ ਮਦਨੀ ਨੇ ਕਿਹਾ ਕਿ “ਜਬ-ਜਬ ਜ਼ੁਲਮ ਹੋਗਾ, ਤਬ-ਤਬ ਜਿਹਾਦ ਹੋਗਾ”, “ਪੀਠ ਪੇ ਗੋਲੀ ਨਹੀਂ ਖਾਏਂਗੇ,ਗੋਲੀ ਸੀਨੇ ਮੇਂ ਖਾਏਂਗੇ, ਵਕਫ ਜਾਇਦਾਦਾਂ ਸਿਰਫ ਮੁਸਲਮਾਨਾਂ ਦੀ ਮਲਕੀਅਤ ਹੈ, ਆਜ ਮੁਸਲਮਾਨ ਰਾਹ ਚਲਤੇ ਅਸੁਰੱਖਿਅਤ ਮਹਿਸੂਸ ਕਰਦੈ ।

ਧਰਮ ਪਰਿਵਰਤਨ ਕਾਨੂੰਨ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਹ ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਦੇ ਵਿਰੁੱਧ ਹੈ। ਘਰ ਵਾਪਸੀ ਸ਼ਬਦ ਦੀ ਵਰਤੋਂ ਕਰਦੇ ਹੋਏ, ਮੌਲਾਨਾ ਮਦਨੀ ਨੇ ਇਸਦੀ ਤੁਲਨਾ ਘਰ ਵਾਪਸੀ ਧਾਰਮਿਕ ਤਬਦੀਲੀ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਲੋਕਾਂ ਨੂੰ ਕਿਸੇ ਖਾਸ ਧਰਮ ਵਿੱਚ ਤਬਦੀਲ ਕਰਦੇ ਹਨ, ਉਨ੍ਹਾਂ ਨੂੰ ਆਜ਼ਾਦੀ ਹੈ। ਭਾਰਤ ਦਾ ਸੰਵਿਧਾਨ ਸਾਨੂੰ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਪਰ ਧਰਮ ਪਰਿਵਰਤਨ ਕਾਨੂੰਨ ਦੁਆਰਾ ਇਸ ਮੌਲਿਕ ਅਧਿਕਾਰ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਕਾਨੂੰਨ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਨੂੰ ਡਰ ਅਤੇ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ, ਘਰ ਵਾਪਸੀ ਦੇ ਨਾਮ ‘ਤੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਆਜ਼ਾਦੀ ਹੈ। ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ।

ਮੌਲਾਨਾ ਮਦਨੀ ਨੇ ਦੋਸ਼ ਲਗਾਇਆ ਕਿ ਦੇਸ਼ ਭਰ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ “ਧਾਰਮਿਕ ਪਹਿਰਾਵੇ, ਪਛਾਣ ਅਤੇ ਜੀਵਨ ਸ਼ੈਲੀ” ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਅਤੇ ਕਿਹਾ ਕਿ ਬਰਾਬਰ ਦੇ ਨਾਗਰਿਕ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਗਤੀਸ਼ੀਲਤਾ ਵਿੱਚ “ਵਧਦੀਆਂ ਰੁਕਾਵਟਾਂ” ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਚੇਤਾਵਨੀ ਦਿੱਤੀ ਕਿ ਮੁਸਲਮਾਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ ਜਾ ਰਿਹਾ ਹੈ, ਉਦਾਹਰਣ ਵਜੋਂ “ਬੁਲਡੋਜ਼ਰ ਐਕਸ਼ਨ, ਭੀੜ ਦੁਆਰਾ ਕੁੱਟਮਾਰ, ਆਰਥਿਕ ਬਾਈਕਾਟ ਅਤੇ ਨਫ਼ਰਤ ਮੁਹਿੰਮਾਂ” ਦਾ ਹਵਾਲਾ ਦਿੰਦੇ ਹੋਏ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਕਾਨੂੰਨਾਂ ਨੇ “ਨਮਾਜ਼ ਅਦਾ ਕਰਨ ਅਤੇ ਮੁਸਲਮਾਨਾਂ ਨੂੰ ਸਿੱਖਿਆ ਦੇਣ ਦੇ ਅਭਿਆਸ ਨੂੰ ਅਪਰਾਧ ਬਣਾ ਦਿੱਤਾ ਹੈ”, ਜਦੋਂ ਕਿ ਕੁਝ ਸੰਗਠਨਾਂ ਨੂੰ “ਖੁਲ੍ਹੀ ਛੁੱਟੀ” ਦਿੱਤੀ ਜਾ ਰਹੀ ਹੈ । ਮਦਨੀ ਨੇ ਵਕਫ਼ ਜਾਇਦਾਦਾਂ ਨੂੰ ਨਿਯਮਤ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਦਾ ਵੀ ਵਿਰੋਧ ਕੀਤਾ, ਇਹ ਕਹਿੰਦੇ ਹੋਏ, “ਵਕਫ਼ ਮੁਸਲਮਾਨਾਂ ਦੁਆਰਾ ਬਣਾਇਆ ਗਿਆ ਇੱਕ ਟਰੱਸਟ ਹੈ। ਇਸ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”

ਮੌਜੂਦਾ ਮਾਹੌਲ ਨੂੰ “ਖਤਰਨਾਕ” ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਚੁੱਪ ਬਹੁਗਿਣਤੀ “ਨਫ਼ਰਤ ਫੈਲਾਉਣ ਵਾਲਿਆਂ ਵੱਲ ਮੁੜ ਸਕਦੀ ਹੈ”, ਜੋ ਰਾਸ਼ਟਰੀ ਏਕਤਾ ਲਈ ਜੋਖਮ ਪੈਦਾ ਕਰ ਸਕਦੀ ਹੈ। ਉਨ੍ਹਾਂ ਮੁਸਲਿਮ ਨੌਜਵਾਨਾਂ ਨੂੰ “ਨਿਰਾਸ਼ਾ ਤਿਆਗਣ, ਚੌਕਸ ਰਹਿਣ ਅਤੇ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨ” ਦੀ ਅਪੀਲ ਕੀਤੀ ।

ਮੌਲਾਨਾ ਮਹਿਮੂਦ ਮਦਨੀ ਦੇ ਇਸ ਬਿਆਨ ਨੇ ਦੇਸ਼ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ, ਭਾਵੇਂ ਕੁਝ ਦੇਸ਼ ਵਿਰੋਧੀ ਤਾਕਤਾਂ ਉਹਨਾਂ ਦੇ ਬਿਆਨ ਦੇ ਸ਼ਬਦ ‘ਜਿਹਾਦ’ ਨੂੰ ਤੋੜ-ਮਰੋੜਕੇ ਪੇਸ਼ ਕਰ ਰਹੀਆਂ ਹਨ ਪਰੰਤੂ ਮੁਸਲਿਮ ਵਰਗ ਨੇ ਇਸ ਬਿਆਨ ਦਾ ਭਰਵਾਂ ਸਵਾਗਤ ਕੀਤਾ ਹੈ ਜੋ ਉਹਨਾਂ ਦੇ ਹਰਮਨ ਪਿਆਰੇ ਆਗੂ ਨੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ ਹੈ । ਦੱਸਣਯੋਗ ਹੈ ਕਿ ਜੇਕਰ ਬ੍ਰਿਿਟਸ਼ ਹਕੂਮਤ ਦੇ ਖਿਲਾਫ ਜਿਹਾਦ ਦਾ ਪਹਿਲਾ ਫਤਵਾ ਮੌਲਾਨਾ ਹੁਸੈਨ ਅਹਿਮਦ ਮਦਨੀ ਨਾ ਦਿੰਦੇ ਤਾਂ ਅਜ਼ਾਦੀ ਲੜਾਈ ਦਾ ਮੁੱਢ ਨਾ ਬੰਨਿਆ ਜਾਂਦਾ ਅਤੇ ਸਾਡੇ 65 ਹਜ਼ਾਰ ਉਲਾਮਾ ਸ਼ਹੀਦ ਨਾ ਕੀਤੇ ਜਾਂਦੇ । ਜੋ ਕਾਨੂੰਨ ਅਤੇ ਸਿਆਸਤ ਦੇ ਗਿਆਨੀ ਹਨ ਉਹ ਸਮਝ ਚੁੱਕੇ ਹਨ ਕਿ ਹੁਣ ਹੋਰ ਜ਼ੁਲਮ ਮੁਸਲਮਾਨਾਂ ਉੱਤੇ ਨਹੀਂ ਕੀਤਾ ਜਾ ਸਕੇਗਾ । ਬੀਜੇਪੀ ਦਾ ਹਿੰਦੂ-ਮੁਸਲਿਮ ਵਾਲਾ ਪੱਤਾ ਹੁਣ ਖਤਮ ਹੁੰਦਾ ਜਾ ਰਿਹਾ ਹੈ । ਮੰਦਰ-ਮਸਜਿਦ ਦੀ ਰਾਜਨੀਤੀ ਦੇ ਦਿਨ ਲੱਥ ਚੁੱਕੇ ਹਨ । ਕਿਉਂਕਿ ਦੇਸ਼ ਦਾ ਹਿੰਦੂ ਵੀ ਹੁਣ ਬੀਜੇਪੀ ਦੀ ਨੀਯਤ ਸਮਝ ਚੁੱਕਾ ਹੈ ਕਿ ਧਰਮ ਦੇ ਮਾਮਲਿਆਂ ਵਿੱਚ ਉਲਝਕੇ ਅਸੀਂ ਦੇਸ਼ ਦਾ ਭੱਠਾ ਬਿਠਾ ਲਿਆ ਹੈ, ਅੱਜ ਡਾਲਰ ਦੇ ਮੁਕਾਬਲੇ ਭਾਰਤ ਦਾ ਰੁਪੱਈਆ 90 ਤੋਂ ਵੀ ਥੱਲੇ ਜਾ ਚੁੱਕਾ ਹੈ, ਦੇਸ਼ ਦਾ ਨੌਜਵਾਨ ਬੇਰੋਜਗਾਰ ਹੋ ਚੁੱਕਾ ਹੈ । ਭਾਰਤ ਦੀ ਵਿਦੇਸ਼ ਨੀਤੀ ਬਿਲਕੁਲ ਫੇਲ ਹੋ ਚੁੱਕੀ ਹੈ । ਰੇਲਵੇ ਸਟੇਸ਼ਨ, ਏਅਰਲਾਈਨ, ਏਅਰਪੋਰਟ, ਰਾਸ਼ਟਰੀ ਸੰਪਤੀਆਂ ਪ੍ਰਾਈਵੇਟ ਹੱਥਾਂ ਵਿੱਚ ਵੇਚੀਆਂ ਜਾ ਰਹੀਆਂ ਹਨ । ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਲਈ ਅੱਜ ਲੋੜ ਹੈ ਸਾਰੇ ਧਰਮਾਂ ਦੇ ਵਿਦਵਾਨ ਮਿਲ ਬੈਠਕੇ ਵਿਚਾਰਾਂ ਕਰਨ ਅਤੇ ਸਰਕਾਰ ਦੀਆਂ ਵਧੀਕੀਆਂ ਦਾ ਮਿਲਕੇ ਵਿਰੋਧ ਕਰਨ ।

ਪੇਸ਼ਕਸ਼:

 

ਮੁਹੰਮਦ ਜਮੀਲ (ਐਮਏ ਜਰਨਾਲਿਜ਼ਮ)

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਮਲੇਰਕੋਟਲਾ – 148023

ਸੰਪਰਕ: 9417969547

Similar Posts

Leave a Reply

Your email address will not be published. Required fields are marked *