ਦਿੱਲੀ ਜੰਤਰ ਮੰਤਰ ਦਾ ਅੱਖੀਂ ਡਿੱਠਾ ਹਾਲ-ਅਦਾਰਾ ਅਬੂ ਜ਼ੈਦ ਨਿਊਜ਼
ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਦੂਜੇ ਪਾਸੇ ਉਲੰਪੀਅਨ ਮਹਿਲਾ ਪਹਿਲਵਾਨਾਂ ਨੂੰ ਸੜਕਾਂ ‘ਤੇ ਘਸੀਟਿਆ
ਨਵੀਂ ਦਿੱਲੀ/ਮਲੇਰਕੋਟਲਾ, 28 ਮਈ (ਬਿਉਰੋ): ਅੱਜ ਭਾਰਤ ਅੰਦਰ ਜੋ ਘਟਾਨਕ੍ਰਮ ਵਾਪਰਿਆ ਪੂਰੇ ਵਿਸ਼ਵ ਨੇ ਦੇਖਿਆ । ਜਿੱਥੇ ਭਾਰਤ ਦੀ ਨਵੀਂ ਬਣੀ ਸੰਸਦ ਦਾ ਉਦਘਾਟਨ ਸਮਾਰੋਹ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਸਨ ਉੱਥੇ ਹੀ ਕੁਝ ਕੁ ਮੀਟਰ ਦੂਰੀ ਤੇ ਦੇਸ਼ ਦਾ ਗੌਰਵ ਵਿਸ਼ਵ ਭਰ ‘ਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਪਹਿਲਵਾਨ ਲੜਕੀਆਂ ਵਿਨੇਸ਼ ਫੋਗਾਟ, ਸ਼ਾਕਸੀ ਮਲਿਕ, ਬਜਰੰਗ ਪੁਨੀਆ ਸਮੇਤ ਉਨਾਂ ਦੇ ਅਨੇਕਾਂ ਸਮਰਥਕਾਂ ਨੂੰ ਦਿੱਲੀ ਪੁਲਿਸ ਨੇ ਦਰਿੰਦਗੀਆਂ ਦੀਆਂ ਸਾਰੀਆਂ ਹੱਦਾਂ ਟੱਪ ਸੜਕਾਂ ਤੇ ਘੜੀਸ-ਘੜੀਸ ਕੇ ਗ੍ਰਿਫਤਾਰ ਕੀਤਾ ਗਿਆ । ਮਹਿਲਾ ਪਹਿਲਵਾਨ ਪਿਛਲੇ 36 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਬੀਜੇਪੀ ਦੇ ਬਾਹੂਬਲੀ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਜਿਸ ਤੇ ਯੋਨ ਸ਼ੋਸ਼ਨ ਦੇ ਆਰੋਪਾਂ ਤਹਿਤ ਪੋਸਕੋ ਐਕਟ ਸਮੇਤ ਮੁਕੱਦਮੇ ਦਰਜ ਹਨ ਨੂੰ ਗ੍ਰਿਫਤਾਰ ਕਰਨ ਲਈ ਧਰਨਾ ਲਗਾਕੇ ਬੈਠੀਆਂ ਹਨ । ਅੱਜ ਦਿੱਲੀ ਪੁਲਿਸ ਨੇ ਆਰੋਪੀ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਮਹਿਲਾ ਪਹਿਲਵਾਨਾਂ ਤੇ ਹੀ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਜਿਸ ਨੂੰ ਅਦਾਰਾ ਅਬੂ ਜ਼ੈਦ ਦੇ ਚੀਫ ਐਡੀਟਰ ਨੇ ਖੁਦ ਦਿੱਲੀ ਜਾ ਕੇ ਕਵਰ ਕੀਤਾ ।
ਓਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਫੜਿਆ ਅਤੇ ਘਸੀਟਿਆ ਗਿਆ ਜੋ ਹੱਥ ‘ਚ ਭਾਰਤ ਦਾ ਝੰਡਾ ਫੜ੍ਹ ਕੇ ਸਮਰਥਕਾਂ ਨਾਲ ਪ੍ਰਦਰਸ਼ਨ ਕਰ ਰਹੇ ਸਨ । ਪੁਲਸ ਨੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੁਨੀਆ ਸਮੇਤ ਅਨੇਕਾਂ ਪ੍ਰਦਰਸ਼ਨਕਾਰੀਆਂ ਨੂੰ ਫੜ੍ਹ-ਫੜ੍ਹ ਕੇ ਬੱਸਾਂ ‘ਚ ਭਰਕੇ ਥਾਣੇ ਲਿਆਂਦਾ । ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਤੱਕ ਪਹੁੰਚਣਾ ਸੌਖਾ ਨਹੀਂ ਸੀ। ਧਰਨੇ ਵਾਲੀ ਥਾਂ ਤੱਕ ਜਾਣ ਵਾਲੀ ਸੜਕ ਦੀ ਸਵੇਰ ਤੋਂ ਹੀ ਨਾਕਾਬੰਦੀ ਕਰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਇੱਥੇ ਹੀ ਬਸ ਨਹੀਂ ਬਹੁਤ ਸਾਰੇ ਮੀਡੀਆ ਕਰਮੀਆਂ ਨੂੰ ਵੀ ਉੱਥੋਂ ਵਾਪਸ ਭੇਜਿਆ ਗਿਆ । ਇਸ ਮੌਕੇ ਪੁਲਸ ਕਸਟਡੀ ‘ਚੋਂ ਵਿਨੇਸ਼ ਫੋਗਾਟ ਨੇ ਕਿਹਾ ਕਿ ਅੱਜ ਲੋਕਤੰਤਰ ਦਾ ਘਾਣ ਹੋ ਰਿਹਾ ਹੈ, ਦੇਸ਼ ਅੰਦਰ ਸੰਵਿਧਾਨ ਦਾ ਨਹੀਂ ਬਲਿਕ ਜੰਗਲ ਰਾਜ ਹੈ, ਇੱਕ ਮਹੀਨੇ ‘ਚ ਆਰੋਪੀ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰੰਤੂ ਸਾਨੂੰ ਅਮਨ ਸਾਂਤੀ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਦਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ । ਦੇਸ਼ ਦੀ ਜਨਤਾ ਨੂੰ ਇੱਕ ਭਾਵੁਕ ਸੰਦੇਸ ਦਿੱਤਾ ਕਿ “ਆਪ ਸਬ ਕੋ ਨਵਾਂ ਦੇਸ਼ ਮੁਬਾਰਕ ਹੋ”
ਸਵੇਰੇ ਜੰਤਰ-ਮੰਤਰ ‘ਕੇ ਕੀ ਮਾਹੌਲ ਸੀ
ਕਿਸੇ ਤਰ੍ਹਾਂ ਜਦੋਂ ਅਸੀਂ ਧਰਨੇ ਵਾਲੀ ਥਾਂ ਕੋਲ ਪਹੁੰਚੇ ਤਾਂ ਅਸੀਂ ਵੇਖਿਆ ਕਿ ਜੰਤਰ-ਮੰਤਰ ਦਾ ਪੂਰਾ ਇਲਾਕਾ ਇੱਕ ਪੁਲਿਸ ਛਾਉਣੀ ‘ਚ ਤਬਦੀਲ ਹੋ ਚੁੱਕਿਆ ਸੀ। ਸੈਂਕੜਿਆਂ ਦੀ ਗਿਣਤੀ ‘ਚ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮ, ਵਾਟਰ ਕੈਨਨ ਉੱਥੇ ਨਜ਼ਰ ਆਏ। ਮਾਹੌਲ ਤਾਂ ਇੰਝ ਸੀ ਜਿਵੇਂ ਕੋਈ ਵੱਡੀ ਘਟਨਾ ਹੀ ਵਾਪਰਨ ਵਾਲੀ ਹੋਵੇ ਜਾਂ ਕਿਸੇ ਦੁਸ਼ਮਨ ਦੇਸ਼ ਦੀ ਸੀਮਾ ਦਾ ਦ੍ਰਿਸ਼ ਹੋਵੇ। ਮਹਿਲਾ ਪਹਿਲਵਾਨਾਂ ਦੇ ਤੰਬੂ ‘ਚੋਂ ਕੁਝ ਆਵਾਜ਼ਾਂ ਆਉਣ ਲੱਗੀਆਂ। ਜਦੋਂ ਥੋੜ੍ਹਾ ਲਾਗੇ ਗਏ ਤਾਂ ਵੇਖਿਆ ਕਿ ਹੱਥਾਂ ‘ਚ ਭਾਰਤ ਦਾ ਝੰਡਾ ਚੁੱਕੀ ਪ੍ਰਦਰਸ਼ਨਕਾਰੀ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਕੁਝ ਹੀ ਮਿੰਟਾਂ ਬਾਅਦ ਇਹ ਸਾਰੇ ਲੋਕ ਪੁਲਿਸ ਬੈਰੀਕੇਡਾਂ ਤੋਂ ਪਰਾਂ ਦੀ ਨਿਕਲ ਕੇ ਮੁੱਖ ਸੜਕ ‘ਤੇ ਆਉਣ ਦਾ ਯਤਨ ਕਰਨ ਲੱਗੇ। ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈਣਾ ਸ਼ੁਰੂ ਕਰ ਦਿੱਤਾ।ਉਸੇ ਸਮੇਂ ਅਚਾਨਕ ਹੀ ਮਸ਼ਹੂਰ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਭੀੜ ‘ਚੋਂ ਨਿਕਲੀ ਅਤੇ ਤੇਜ਼ੀ ਨਾਲ ਅੱਗੇ ਵਧਣ ਲੱਗੀ, ਮਹਿਲਾ ਪੁਲਿਸ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਜਾਨਵਰਾਂ ਦੀ ਤਰ੍ਹਾਂ ਘਸੀਟਕੇ ਬਸ ਵਿੱਚ ਸੁੱਟ ਲਿਆ ।
ਅੰਦੋਲਨ ਵਾਲੀ ਥਾਂ ਖਾਲੀ ਕਰਵਾਈ ਗਈ
ਇਸ ਪੂਰੇ ਮਾਮਲੇ ‘ਚ ਵਿਰੋਧੀ ਧਿਰ ਅਤੇ ਨਾਗਰਿਕ ਸੰਗਠਨਾਂ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਇਹ ਮੁੱਦਾ ਪੂਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਹਾਲਾਂਕਿ ਸਰਕਾਰ ਅਤੇ ਭਾਜਪਾ ਵੱਲੋਂ ਇਸ ‘ਤੇ ਕੋਈ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੌਰਾਨ ਦਰਜਨਾਂ ਧਰਨਾਕਾਰੀਆਂ ਨੂੰ ਬੱਸਾਂ ‘ਚ ਭਰਿਆ ਗਿਆ। ਅਜਿਹੀ ਹੀ ਇੱਕ ਬੱਸ ਦੀ ਖਿੜਕੀ ਨਾਲ ਲਟਕਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ” ਤੁਸੀਂ ਵੇਖ ਲਓ। ਇੱਕ ਲੋਕਤੰਤਰਿਕ ਦੇਸ਼ ‘ਚ ਅਸੀਂ ਹੁਣ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਹਾਂ।” “ਅਸੀਂ ਪੈਦਲ ਨਵੇਂ ਸੰਸਦ ਭਵਨ ਤੱਕ ਜਾਣਾ ਚਾਹੁੰਦੇ ਸੀ। ਸਾਡਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਸੀ। ਪਰ ਇੱਥੇ ਜੋ ਕੁਝ ਵੀ ਹੋ ਰਿਹਾ ਹੈ, ਉਹ ਲੋਕਤੰਤਰ ਨੂੰ ਖ਼ਤਮ ਕਰਨ ਵਰਗਾ ਹੈ।”
‘ਅਸੀਂ ਇਸ ਦਾ ਜਵਾਬ 2024 ‘ਚ ਦੇਵਾਂਗੇ’
ਇਸ ਘਟਨਾਕ੍ਰਮ ਦੌਰਾਨ ਸਾਨੂੰ ਪੰਜਾਬ, ਯੂਪੀ, ਰਾਜਸਥਾਨ ਹਰਿਆਣਾ ਤੋਂ ਆਏ ਮਹਿਲਾ ਪਹਿਲਵਾਨਾਂ ਦੇ ਸਮਰਥਕਾਂ ਨੇ ਕਿਹਾ, “ਪੁਲਿਸ ਵਾਲਿਆਂ ਨੇ ਸਾਡੇ ਨਾਲ ਧੱਕਾਮੁੱਕੀ ਕੀਤੀ ਹੈ। ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਇਸ ਦਾ ਜਵਾਬ ਅਸੀਂ 2024 ‘ਚ ਦੇਵਾਂਗੇ।” “ਜੇਕਰ ਦੇਸ਼ ਦਾ ਮਾਨ ਵਧਾਉਣ ਵਾਲੇ ਭਲਵਾਨਾਂ ਨਾਲ ਇਹ ਸਭ ਹੋ ਰਿਹਾ ਹੈ ਤਾਂ ਆਮ ਆਦਮੀ ਨਾਲ ਕੀ ਹੋਵੇਗਾ? ਔਰਤਾਂ ਆਪਣੇ ਹੱਕ ਪਾਉਣ ਲਈ ਖੜ੍ਹੀਆਂ ਹਨ, ਲੜ ਰਹੀਆਂ ਹਨ।” “ਜੋ ਦੋਸ਼ੀ ਹਨ ਉਨ੍ਹਾਂ ਨੂੰ ਕਿਉਂ ਨਹੀਂ ਹਿਰਾਸਤ ‘ਚ ਲਿਆ ਜਾ ਰਿਹਾ? ਬ੍ਰਿਜ ਭੂਸ਼ਣ ਸਿੰਘ ਸਰਕਾਰ ਦਾ ਨੁਮਾਇੰਦਾ ਹੈ। ਇਸ ਲਈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।”
ਪਹਿਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਕੀ ਹੋਇਆ
4 ਮਹੀਨੇ ਪਹਿਲਾਂ ਭਾਰਤ ਦੇ ਨਾਮੀ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਝੂਠਾ ਭਰੋਸਾ ਦੇ ਕੇ ਹੋਲਡ ਕਰਵਾ ਦਿੱਤਾ ਸੀ।
23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਪਹਿਲਵਾਨਾਂ ਨੇ ਉਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਨ ਤੇ ਦੋਬਾਰਾ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ।
ਮੁਜ਼ਾਹਰਾਕਾਰੀ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਬ੍ਰਿਜ ਭੂਸ਼ਣ ਸ਼ਰਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਖਿਲਾਫ਼ ਪੋਸਕੋ ਸਮੇਤ ਦੋ ਮੁਕੱਦਮੇ ਦਰਜ ਕੀਤੇ । ਮਹਿਲਾ ਪਹਿਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ।
ਪਹਿਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ
ਇਸ ਦੌਰਾਨ ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫ਼ਿਰ ਧੱਕਾ ਮੁੱਕੀ ਹੋਈ। ਇਸ ਮਗਰੋਂ ਪਹਿਲਾਵਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ‘ਤੇ ਹੀ ਰੋਕਿਆ ਗਿਆ।



