ਮਲੇਰਕੋਟਲਾ, 26 ਸਤੰਬਰ (ਅਬੂ ਜ਼ੈਦ): ਬਦਲਦੇ ਮੌਸਮ ਕਾਰਣ ਮਲੇਰਕੋਟਲਾ ਦੀ ਆਬੋ-ਹਵਾ ਕਾਫੀ ਸੁਹਾਣੀ ਹੋ ਚੁੱਕੀ ਹੈ ਪਰੰਤੂ ਤਹਿਸੀਲ ਕੰਪਲੈਕਸ ਮਲੇਰਕੋਟਲਾ ਦੇ ਵਸੀਕਾ ਨਵੀਸਾਂ, ਟਾਇਪਿਸਟ, ਨਕਸ਼ਾ ਨਵੀਸ, ਅਸ਼ਟਾਮ ਫਰੋਸ਼ ਅਤੇ ਫੋਟੋ ਕਾਪੀਅਰ ਅੱਜਕਲ ਮੁੜ੍ਹਕੋ-ਮੁੜ੍ਹਕੀ ਹੋ ਰਹੇ ਹਨ । ਕੱਲ ਰਾਤ ਇਲਾਕੇ ‘ਚ ਸਰਗਰਮ ਚੋਰਾਂ ਨੇ ਸਾਰਿਆਂ ਦੇ ਏਸੀ ਪਾਈਪ ਅਤੇ ਕੇਬਲਾਂ ਚੋਰੀ ਕਰ ਲਈਆਂ ਅਤੇ ਗਰਮੀ ਵਿੱਚ ਬੈਠਣ ਲਈ ਮਜ਼ਬੂਰ ਕਰ ਦਿੱਤਾ । ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਇਸੇ ਕੰਪਲੈਕਸ ਵਿੱਚ ਸੀ.ਆਈ.ਡੀ. ਅਤੇ ਪੀ.ਸੀ.ਆਰ. ਦੇ ਦਫਤਰ ਮੌਜੂਦ ਹੋਣ ਦੇ ਬਾਵਜੂਦ ਵੀ ਚੋਰ ਆਪਣਾ ਹੁਨਰ ਦਿਖਾ ਗਏ । ਇਸ ਸਬੰਧੀ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਚੌਧਰੀ ਖੁਸ਼ੀ ਮੁਹੰਮਦ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਰੀ ਸਬੰਧੀ ਇੱਕ ਦਰਖਾਸਤ ਐਸ.ਐਸ.ਪੀ. ਮਾਲੇਰਕੋਟਲਾ ਨੂੰ ਦਿੱਤੀ ਹੈ । ਪਿਛਲੇ ਸਾਲ ਵੀ ਏਸੀ ਦੇ ਕਾਪਰ ਪਾਇਪ ਅਤੇ ਕੇਬਲ ਚੋਰੀ ਹੋ ਕਾਰਣ ਏਸੀ ਦੀ ਗੈਸ ਵੀ ਲੀਕ ਹੋ ਗਈ ਹੈ ਜਿਸ ਤੇ ਪ੍ਰਤੀ ਏਸੀ 7-8 ਹਜ਼ਾਰ ਰੁਪਏ ਦਾ ਨੁਕਾਸਨ ਹੋਇਆ ਹੈ । ਦਰਖਾਸਤ ਵਿੱਚ ਦੱਸਿਆ ਗਿਆ ਹੈ ਕਿ ਸ਼ਾਮ ਨੂੰ 5 ਵਜੇ ਤੋਂ ਬਾਦ ਕਚਿਹਰੀ ਬੰਦ ਹੋਣ ਤੇ ਕੰਪਲੈਕਸ ਨਸ਼ੇ ਕਰਨ ਵਾਲਿਆਂ ਲਈ ਸੁੱਰਖਿਅਤ ਸਥਾਨ ਬਣ ਜਾਂਦਾ ਹੈ । ਕੋਰਟ ਕੰਪਲੈਕਸ ‘ਚ ਕੰਮ ਕਰਦੇ ਵਸੀਕਾ ਨਵੀਸਾਂ, ਟਾਇਪਿਸਟ, ਨਕਸ਼ਾ ਨਵੀਸ, ਅਸ਼ਟਾਮ ਫਰੋਸ਼ ਅਤੇ ਫੋਟੋ ਕਾਪੀਅਰ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਇਸ ਮੌਕੇ ਇਰਸ਼ਾਦ ਅਹਿਮਦ, ਸ਼ਾਮ ਲਾਲ, ਮੁਹੰਮਦ ਸਾਬਰ, ਸੱਤਪਾਲ, ਅਨੂਪ ਕੁਮਾਰ, ਸੰਜੀਵ ਰਿਖੀ, ਮੁਹੰਮਦ ਨਜ਼ੀਰ, ਚਰਨਜੀਤ ਸਿੰਘ, ਇਰਸ਼ਾਦ ਅਲੀ ਖਾਨ ਆਦਿ ਵੀ ਮੌਜੂਦ ਸਨ ।



