ਵਿਨੇਸ਼ ਫੋਗਾਟ, ਚੜੂਨੀ, ਬਾਜਵਾ, ਰੱਖੜਾ, ਬਜਰੰਗ, ਲੱਖਾ ਸਿਧਾਨਾ, ਅਮਿਤੋਜ ਮਾਨ, ਬੱਬੂ ਮਾਨ, ਭਾਨਾ ਸਿੱਧੂ ਪਹੁੰਚੇ ਖਨੌਰੀ
ਡੀਜੀਪੀ ਗੌਰਵ ਯਾਦਵ ਨੇ ਕੀਤੀ ਡੱਲੇਵਾਲ ਨਾਲ ਮੁਲਾਕਾਤ
ਖਨੌਰੀ/ਮਲੇਰਕੋਟਲਾ, 15 ਦਸੰਬਰ (ਅਬੂ ਜ਼ੈਦ): ਐਮਐਸਪੀ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਹਨ । ਅੱਜ 20ਵਾਂ ਦਿਨ ਚੱਲ ਰਿਹਾ ਹੈ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਹੈ । ਅਮਰੀਕਾ ਦੇ ਮਸ਼ਹੂਰ ਹਾਰਟ ਸਰਜਨ ਡਾ. ਸਵੈਮਾਨ ਸਿੰਘ ਦੀ ‘5 ਰਿਵਰਜ਼’ ਟੀਮ 24 ਘੰਟੇ ਸ. ਡੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਹੈ । ਸ. ਡੱਲੇਵਾਲ ਨੇ ਸਟੇਜ ਉੱਤੇ ਆ ਕੇ ਜੈਕਾਰਾ ਬੁਲਾਇਆ ਅਤੇ ਚੜਦੀ ਕਲਾ ਦਾ ਸੰਕੇਤ ਦਿੱਤਾ ਉਹਨਾਂ ਕਿਹਾ ਕਿ ਜੇਕਰ ਸਰਕਾਰ ਕਿਸਾਨੀ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਵੀ ਆਪਣੇ ਫੈਸਲੇ ਉੱਤੇ ਅਟੱਲ ਹਨ ਉਹਨਾਂ ਨੂੰ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਆਪਣੀ ਜਾਨ ਨਾਲੋਂ ਜ਼ਿਆਦਾ ਫਿਕਰ ਹੈ । ਅੱਜ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਸ ਦੇ ਡੀਜੀ ਸ੍ਰੀ ਗੌਰਵ ਯਾਦਵ ਨੇ ਸ. ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਜਾਨ ਬਹੁਤ ਕੀਮਤੀ ਹੈ ਸੋ ਮਰਨ ਵਰਤ ਖਤਮ ਕੀਤਾ ਜਾਵੇ ।
ਖਨੌਰੀ ਮੋਰਚੇ ਵਿੱਚ ਵਿਸ਼ਵ ਚੈਂਪੀਅਨ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵਿਧਾਇਕ ਹਰਿਆਣਾ ਨੇ ਹਾਜ਼ਰੀ ਲਗਾਈ ਅਤੇ ਕੇਂਦਰ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ । ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਮੋਰਚੇ ਵਿੱਚ ਪਹੁੰਚੇ ਉਹਨਾਂ ਨੇ ਨੇ ਸ. ਡੱਲੇਵਾਲ ਦੀ ਖਬਰਗੀਰੀ ਕੀਤੀ । ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਮੋਰਚੇ ਨੂੰ ਸਮਰਥਨ ਦਾ ਐਲਾਨ ਕੀਤਾ । ਕੌਮਾਂਤਰੀ ਖਿਡਾਰੀ ਬਜਰੰਗ ਪੂਨੀਆ, ਲੱਖਾ ਸਿਧਾਨਾ, ਅਮਿਤੋਜ ਮਾਨ, ਬੱਬੂ ਮਾਨ ਅਤੇ ਭਾਨਾ ਸਿੱਧੂ ਵੀ ਖਨੌਰੀ ਮੋਰਚੇ ਵਿੱਚ ਡੇਰੇ ਲਾ ਕੇ ਬੈਠ ਗਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲਾਂ ਕਰ ਰਹੇ ਹਨ ਕਿ ਡੱਲੇਵਾਲ ਵਰਗੇ ਯੋਧੇ ਨੂੰ ਸੰਭਾਲ ਲਵੋ ਇਹਨਾਂ ਦੀ ਗਿਣਤੀ ਸ਼ੇਰਾਂ ਵਾਂਗ ਘੱਟ ਹੀ ਹੈ ।



