26 ਸਾਲ ਪਹਿਲਾਂ ਹੋਏ ਰੋਹਤਕ ਬੰਬ ਧਮਾਕਿਆਂ ਦੇ ਆਰੋਪੀ ਅਬਦੁਲ ਕਰੀਮ ਟੁੰਡਾ ਬਰੀ, ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਪੁਲਿਸ
ਨਵੀਂ ਦਿੱਲੀ/ਮਲੇਰਕੋਟਲਾ 21 ਫਰਵਰੀ (ਬਿਉਰੋ): ਦੇਸ਼ ਅੰਦਰ ਘੱਟ ਗਿਣਤੀਆਂ ਤੇ ਪੁਲਿਸ ਦਾ ਡੰਡਾਤੰਤਰ ਲਗਾਤਾਰ ਚੱਲ ਰਿਹਾ ਹੈ ਜਿਸ ਦੀ ਨਾ ਤਾਂ ਕੋਈ ਸਰਕਾਰ ਸਾਰ ਲੈ ਰਹੀ ਹੈ ਅਤੇ ਨਾ ਹੀ ਕੋਈ ਅਦਾਲਤ । ਕਿਸੇ ਵੀ ਫਰਜ਼ੀ ਮੁਕਦਮੇਂ ‘ਚ ਨਾਮ ਪਾ ਕੇ ਕਿਸੇ ਵਿਅਕਤੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ ਅਤੇ ਉਸ ਤੇ ਲਗਾਤਾਰ ਮੁਕਦਮੇਂ ਦਰਜ ਕਰ ਦਿੱਤੇ ਜਾਂਦੇ ਹਨ ਅਤੇ ਦਹਾਕਿਆਂ ਦੀ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਦ ਉਸ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਦਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ ਦੇ ਪਿਲਖੁਆਂ ਦੇ ਰਹਿਣ ਵਾਲੇ ਅਬਦੁਲ ਕਰੀਮ ਟੁੰਡਾ ਦਾ ਰੋਹਤਕ ਬੰਬ ਧਮਾਕੇ ਨਾਲ ਸਬੰਧਤ ਸਾਹਮਣੇ ਆਇਆ ਹੈ । ਹਰਿਆਣਾ ਦੇ ਰੋਹਤਕ ਵਿੱਚ ਹੋਏ ਦੋ ਬੰਬ ਧਮਾਕਿਆਂ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਣ 80 ਸਾਲ ਦੇ ਅਬਦੁਲ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਹੈ । 1997 ਵਿੱਚ ਪੁਰਾਣੀ ਸਬਜ਼ੀ ਮੰਡੀ ਅਤੇ ਕਿਲ੍ਹਾ ਰੋਡ ਲਾਲ ਮਸਜਿਦ ਦੇ ਬਾਹਰ ਬੰਬ ਧਮਾਕੇ ਹੋਏ ਸਨ ਜਿਨ੍ਹਾਂ ਵਿੱਚ ਕਈ ਲੋਕ ਜ਼ਖਮੀ ਹੋ ਗਏ ਸਨ । ਸਰਕਾਰੀ ਏਜੰਸੀਆਂ ਅਦਾਲਤ ਦੇ ਸਾਹਮਣੇ ਅਬਦੁਲ ਕਰੀਮ ਟੁੰਡਾ ਦੇ ਖਿਲਾਫ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀਆਂ, ਜਿਸਦੇ ਚਲਦੇ ਅਦਾਲਤ ਨੇ ਅਬਦੁੱਲ ਕਰੀਮ ਨੂੰ ਬਰੀ ਕਰ ਦਿੱਤਾ । ਇਸ ਮਾਮਲੇ ਵਿੱਚ ਸੋਮਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਸੀ ਅਤੇ 17 ਫਰਵਰੀ ਨੂੰ ਫੈਸਲਾ ਸੁਣਾਇਆ ਗਿਆ । ਅਬਦੁਲ ਕਰੀਮ ਨੂੰ 2013 ਵਿੱਚ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਰੋਹਤਕ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਸੀ ਜਦੋਂ ਤੋਂ ਹੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਇਸ ਸਮੇਂ ਉਹ ਅਜਮੇਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ । ਦੱਸਣਯੋਗ ਹੈ ਕਿ ਇਸ ਕੇਸ ਵਿੱਚੋਂ ਦੋ ਆਰੋਪੀ ਪਹਿਲਾਂ ਹੀ ਬਰੀ ਹੋ ਚੁੱਕੇ ਹਨ ।



