ਚੰਡੀਗੜ੍ਹ/ਮਲੇਰਕੋਟਲਾ, 26 ਅਪ੍ਰੈਲ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਪ ਮੋਰਚੇ ਦੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿੱਚ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਦੀ ਪ੍ਰਧਾਨਗੀ ‘ਚ ਹੋਈ । ਇਸ ਮੌਕੇ 1159 ਦਿਨਾਂ ਤੋਂ ਲਗਾਤਾਰ ਸਫਲਤਾ ਅਤੇ ਸ਼ਾਂਤੀਪੂਰਵਕ ਚੱਲ ਰਹੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਬਦੀਆਂ ਦੇ ਇਨਸਾਫ ਲਈ ਲੱਗੇ ਧਰਨੇ ਲਈ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਸਰਕਾਰਾਂ ਨੂੰ ਲਾਹਨਤਾਂ ਵੀ ਪਾਈਆਂ ਕਿ ਐਨੇ ਲੰਬੇ ਸਮੇਂ ਤੱਕ ਪੰਜਾਬ ਸਰਕਾਰ ਅਤੇ ਕੇਂਦਰ ਨੇ ਉਹਨਾਂ ਦੀ ਗੱਲਬਾਤ ਨਹੀਂ ਸੁਣੀ । ਇਸ ਮੌਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਰਪ੍ਰਸਤ ਗੁਰਚਰਨ ਸਿੰਘ ਉੱਤੇ ਕੀਤੀਆਂ ਗਲਤ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਗਈ । ਸਾਈਬਰ ਕ੍ਰਾਈਮ ਵੱਲੋਂ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ । ਜੱਥੇਦਾਰ ਸ਼੍ਰੀ ਅਕਾਲ ਤਖਤ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਪੱਤਰ ਰਾਹੀਂ ਬਾਪੂ ਗੁਰਚਰਨ ਸਿੰਘ ਉੱਪਰ ਭਰੋਸਾ ਪ੍ਰਗਟ ਕੀਤਾ ਅਤੇ ਉਨਾਂ ਦੀ ਲਗਾਤਾਰ ਪੰਥ ਪ੍ਰਤੀ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਗਈ । ਤਾਲਮੇਲ ਕਮੇਟੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੰਦੀ ਸਿੰਘਾਂ ਅਤੇ ਰਾਜਸੀ ਬੰਦੀਆਂ ਦੀ ਰਿਹਾਈ ਲਈ ਅਪਣਾਈਆਂ ਜਾ ਰਹੀਆਂ ਇਨਸਾਫ ਅਤੇ ਕਾਨੂੰਨ ਵਿਰੁੱਧ ਤਾਨਾਸ਼ਾਹੀ ਨੀਤੀਆਂ ਵਿਰੁੱਧ 07 ਮਈ ਨੂੰ ਕਾਲੇ ਚੋਲੇ ਅਤੇ ਸੰਗਲ ਪਾ ਕੇ ਮਾਰਚ ਕੱਢਿਆ ਜਾਵੇਗਾ ਜੋ ਗੁਰਦੁਆਰਾ ਸੀ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੀਤਾ ਜਾਵੇਗਾ ।


