ਇਮਾਮਾਂ ਦੀ ਤਨਖਾਹ ਇੱਕ ਮਜ਼ਦੂਰ ਨਾਲੋਂ ਵੀ ਘੱਟ, ਚੇਅਰਮੈਨ ਨੂੰ ਭੇਜਿਆ ਮੰਗ ਪੱਤਰ
ਮਲੇਰਕੋਟਲਾ, 27 ਅਪ੍ਰੈਲ (ਬਿਉਰੋ): ਪੰਜਾਬ ਵਕਫ ਬੋਰਡ ਜੋ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜਿਸਨੂੰ ਮੁਸਲਿਮ ਕੌਮ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹੀ ਅਮਲ ਵਿੱਚ ਲਿਆਂਦਾ ਗਿਆ ਸੀ । ਪਰੰਤੂ ਪੰਜਾਬ ਦੇ ਮੁਸਲਮਾਨਾਂ ਦੀ ਬਦਕਿਸਮਤੀ ਰਹੀ ਕਿ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਗੈਰ ਪੰਜਾਬੀ ਸਿਆਸੀ ਆਗੂ ਇਸ ਨੂੰ ਚਲਾਉਂਦੇ ਰਹੇ ਜਿਹਨਾਂ ਨੂੰ ਪੰਜਾਬ ਦੇ ਮੁਸਲਮਾਨ ਦੀ ਜਮੀਨੀ ਹਕੀਕਤ ਪਤਾ ਹੀ ਨਹੀਂ ਸੀ । ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇੱਕ ਸ਼ਲਾਘਾਯੋਗ ਉੱਦਮ ਕੀਤਾ ਜੋ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਲੋਕਲ ਬਣਾਏ ਪਰੰਤੂ ਮੈਂਬਰਾਂ ਦੀ ਆਪਸੀ ਖਿਚੋਤਾਨ ਕਾਰਨ ਪੰਜਾਬ ਦੇ ਮੁਸਲਮਾਨਾਂ ਨੂੰ ਅਜੇ ਤੱਕ ਪਹਿਲਾਂ ਨਾਲੋਂ ਵਧੇਰੇ ਇਸ ਦਾ ਕੁਝ ਫਾਇਦਾ ਨਹੀਂ ਹੋ ਸਕਿਆ । ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਉਵੈਸ ਨੂੰ ਇੱਕ ਮੰਗ ਪੱਤਰ ਭੇਜ ਕੇ ਉਹਨਾਂ ਦਾ ਧਿਆਨ ਮੁਸਲਿਮ ਕੌਮ ਦੀ ਇੱਕ ਕੌੜੀ ਸੱਚਾਈ ਵੱਲ ਦਿਲਵਾਇਆ ਗਿਆ ਹੈ । ਮਾਮਲਾ ਮਸਜਿਦਾਂ ਦੇ ਇਮਾਮ ਸਾਹਿਬਾਨ ਦਾ ਹੈ ਜੋ ਕਿ ਬਹੁਤ ਮਾੜੀ ਮਾਲੀ ਹਾਲਤ ਨਾਲ ਜ਼ਿੰਦਗੀ ਗੁਜਾਰ ਰਹੇ ਹਨ । ਕੁਝ ਕੁ ਮਸਜਿਦਾਂ ਜਿਹਨਾਂ ਕੋਲ ਮਾਲੀ ਵਸੀਲੇ ਹਨ ਨੂੰ ਛੱਡਕੇ ਬਾਕੀ ਮਸਜਿਦਾਂ ਦੇ ਇਮਾਮਾਂ ਦੀ ਤਨਖਾਹ ਮਹਿਜ਼ 5-7 ਹਜ਼ਾਰ ਤੱਕ ਹੀ ਹੈ ਜੋ ਕਿ ਇੱਕ ਮਜ਼ਦੂਰ ਨਾਲੋਂ ਵੀ ਘੱਟ ਹੈ । ਐਨੀ ਘੱਟ ਤਨਖਾਹ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ ਜਿਸ ਕਾਰਣ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਦੀ ਹੈ । ਮਸਜਿਦ ਕਮੇਟੀਆਂ ਕੋਲ ਆਮਦਨ ਨਹੀਂ ਹੈ ਕਿ ਗੁਜਾਰੇ ਯੋਗ ਤਨਖਾਹ ਦੇ ਸਕਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਕੀਤਾ ।
ਉਹਨਾਂ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਦਿੱਲੀ ਵਕਫ ਬੋਰਡ ਵੱਲੋਂ ਇਮਾਮ ਨੂੰ 18000 ਅਤੇ ਮੁਅੱਜ਼ਨ ਨੂੰ 16000 ਰੁਪਏ ਤਨਖਾਹ ਤੈਅ ਕਰ ਦਿੱਤੀ । ਇਸੇ ਤਰ੍ਹਾਂ ਪੰਜਾਬ ਵਿੱਚ ਵੀ ਸਾਰੀਆਂ ਮਸਜਿਦਾਂ ਦੀ ਸੂਚੀ ਬਣਾਕੇ ਜਰੂਰਤਮੰਦ ਮਸਜਿਦਾਂ ਦੇ ਇਮਾਮਾਂ ਨੂੰ ਤਨਖਾਹ ਵਕਫ ਬੋਰਡ ਵੱਲੋਂ ਦਿਤੀ ਜਾਵੇ । ਪੰਜਾਬ ਵਕਫ ਬੋਰਡ ਕੋਲ ਵਾਧੂ ਮਾਲੀ ਵਸੀਲੇ ਹਨ ਜਿਸ ਨਾਲ ਅਸਾਨੀ ਨਾਲ ਮੁਸਲਮਾਨਾਂ ਦੇ ਇਮਾਮ ਸਾਹਿਬਾਨ ਦੀ ਤਨਖਾਹ ਦਾ ਮਸਲਾ ਹੱਲ ਕੀਤਾ ਜਾ ਸਕਦਾ ਹੈ । ਬੋਰਡ ਦੇ ਕਰੋੜਾਂ ਰੁਪਏ ਬੈਂਕਾਂ ਵਿੱਚ ਐਫਡੀ ਕਰਕੇ ਰੱਖੇ ਹੋਏ ਹਨ । ਇਸਲਾਮ ਵਿੱਚ ਵਿਆਜ ਨੂੰ ਸਖਤੀ ਨਾਲ ਮਨ੍ਹਾਂ ਕੀਤਾ ਗਿਆ ਹੈ ਫੇਰ ਵੀ ਅਸੀਂ ਨਿਰੋਲ ਮੁਸਲਮਾਨਾਂ ਦੇ ਅਦਾਰੇ ਵਕਫ ਬੋਰਡ ਦਾ ਪੈਸਾ ਬੈਂਕਾਂ ਵਿੱਚ ਐਫਡੀਜ਼ ਕਰਵਾ ਰਹੇ ਹਾਂ ਜਦੋਂਕਿ ਮੁਸਲਿਮ ਕੌਮ ਦਾ ਪੈਸਾ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਹਨਾਂ ਦੀ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਦੀਨ ਦੇ ਪ੍ਰਚਾਰ ਲਈ ਖਰਚ ਕਰਨਾ ਚਾਹੀਦਾ ਹੈ । ਪ੍ਰੈਸ ਦੇ ਮਾਧਿਅਮ ਰਾਹੀਂ ਮੁਹੰਮਦ ਜਮੀਲ ਨੇ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਗੁਜਾਰਿਸ ਕੀਤੀ ਕਿ ਇਸ ਨੇਕ ਕੰਮ ਨੂੰ ਪਹਿਲ ਦੇ ਅਧਾਰ ‘ਤੇ ਅਮਲ ਵਿੱਚ ਲਿਆਂਦਾ ਜਾਵੇ । ਉਹਨਾਂ ਉਲਮਾ ਹਜ਼ਰਾਤ, ਮਸਜਿਦ ਕਮੇਟੀਆਂ ਅਤੇ ਸਮੁੱਚੀ ਮੁਸਲਿਮ ਕੌਮ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਅਸੀਂ ਬਾਕੀ ਮਾਮਲੇ ਫਿਕਰ ਲੈ ਕੇ ਹੱਲ ਕਰਦੇ ਹਾਂ ਇਸ ਸਬੰਧੀ ਵੀ ਸੰਜੀਦਗੀ ਨਾਲ ਵਿਚਾਰਾਂ ਕਰਕੇ ਇਮਾਮਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਜਾਵੇ । ਜਿਸਦਾ ਫਾਇਦਾ ਦੁਨੀਆ ਅਤੇ ਆਖਰਤ ਦੋਵਾਂ ਵਿੱਚ ਮਿਲੇਗਾ!ਇਨਸ਼ਾ ਅੱਲ੍ਹਾ ।


