ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਪੁੱਜੇ ਵਿਦਿਆਰਥੀ
ਜਲੰਧਰ/ਮਲੇਰਕੋਟਲਾ, 10 ਨਵੰਬਰ (ਬਿਉਰੋ): ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ‘ਚ ਫਲਸਤੀਨ ਦੇ ਕੌਮੀ ਮੁਕਤੀ ਸੰਘਰਸ਼ ਦੀ ਹਮਾਇਤੀ ਗੂੰਜ ਸੁਣਾਈ ਦਿੱਤੀ । ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ‘ਚ ਸੈਂਕੜੇ ਵਿਦਿਆਰਥੀ ਫਲਸਤੀਨ ਦੇ ਹੱਕੀ ਸੰਘਰਸ਼ ਦੀ ਹਮਾਇਤ ਤੇ ਇਜ਼ਰਾਇਲੀ ਹਮਲੇ ਦਾ ਵਿਰੋਧ ਕਰਦੇ ਨਾਅਰਿਆਂ ਨਾਲ ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਕੰਪਲੈਕਸ ‘ਚ ਪੁੱਜੇ । ਵਿਦਿਆਰਥੀਆਂ ਵੱਲੋਂ ਜੰਗ ਰੋਕਣ ਤੇ ਫਲਸਤੀਨ ਨੂੰ ਆਜ਼ਾਦ ਕਰਦੀਆਂ ਮੰਗਾਂ ਵਾਲੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਜਿਨ੍ਹਾਂ ‘ਤੇ ਫਲਸਤੀਨੀ ਝੰਡਾ ਵੀ ਬਣਿਆ ਹੋਇਆ ਸੀ । ਸਾਮਰਾਜਵਾਦ-ਮੁਰਦਾਬਾਦ, ਇਜਰਾਇਲੀ ਜੰਗਬਾਜ਼ ਹਾਕਮ-ਮੁਰਦਾਬਾਦ, ਅਮਰੀਕੀ ਸਾਮਰਾਜ- ਮੁਰਦਾਬਾਦ, ਫਲਸਤੀਨੀ ਕੌਮੀ ਸੰਘਰਸ਼ ਨੂੰ ਜ਼ਿੰਦਾਬਾਦ ਕਹਿੰਦੀਆਂ ਦਰਜਨਾਂ ਤਖਤੀਆਂ ‘ਤੇ ਉਕਰੇ ਹੋਏ ਨਾਅਰੇ ਤੇ ਇਹਨਾਂ ਨਾਅਰਿਆਂ ਨੂੰ ਬੁਲੰਦ ਕਰਦੇ ਵਿਦਿਆਰਥੀ ਮੁੱਕੇ ਹਵਾ ‘ਚ ਲਹਿਰਾ ਰਹੇ ਸਨ। ਸਾਮਰਾਜਵਾਦ ਖਿਲਾਫ ਸੰਗਰਾਮ ਦੀ ਗ਼ਦਰੀ ਦੇਸ਼ ਭਗਤ ਵਿਰਾਸਤ ਨੂੰ ਉਭਾਰਦੇ ਮੇਲੇ ਅੰਦਰ ਅਜੋਕੇ ਸਾਮਰਾਜਵਾਦ ਜੁਲਮਾਂ ਖਿਲਾਫ ਉੱਠੀ ਆਵਾਜ਼ ਗਦਰੀ ਸੂਰਬੀਰਾਂ ਨੂੰ ਐਨ ਢੁਕਵੀਂ ਸ਼ਰਧਾਂਜਲੀ ਬਣਦੀ ਸੀ । ਖੂੰਖਾਰ ਇਜ਼ਰਾਇਲੀ ਹਮਲੇ ਦੀ ਮਾਰ ਝੱਲ ਰਹੇ ਫਲਸਤੀਨੀ ਲੋਕਾਂ ਦੀ ਪੀੜ ਪਹਿਲਾਂ ਸਵੇਰੇ ਮੇਲੇ ਦੇ ਮੰਚ ‘ਤੇ ਪੇਸ਼ ਹੋਏ ਝੰਡੇ ਦੇ ਗੀਤ ਵਿੱਚ ਵੀ ਸੁਣਾਈ ਦਿੱਤੀ ਸੀ। ਇਸ ਕਲਾਮਈ ਪੇਸ਼ਕਾਰੀ ਵਿੱਚ ਇਜ਼ਰਾਈਲੀ ਹਾਕਮ ਨੂੰ ਤਿੱਖੀਆਂ ਫਿਟਕਾਰਾਂ ਵੀ ਪਾਈਆਂ ਗਈਆਂ ਸਨ ਅਤੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਫਲਸਤੀਨੀ ਕਾਜ਼ ਦੀ ਹਮਾਇਤ ਦਾ ਸਵਾਲ ਵੀ ਪਾਇਆ ਗਿਆ ਸੀ । ਇਸ ਪੇਸ਼ਕਾਰੀ ਤੋਂ ਘੰਟਾ ਮਗਰੋਂ ਯਾਦਗਰ ਹਾਲ ਕੰਪਲੈਕਸ ਵਿੱਚ ਪੁੱਜਾ ਇਹ ਜੋਸ਼ੀਲਾ ਵਿਦਿਆਰਥੀ ਮਾਰਚ ਇਸ ਸਵਾਲ ਦਾ ਐਨ ਢੁਕਵਾਂ ਜਵਾਬ ਹੋ ਕੇ ਆਇਆ ਸੀ ਅਤੇ ਪੰਜਾਬ ਦੀ ਜਵਾਨੀ ਦੀ ਸਾਮਰਾਜਵਾਦ ਵਿਰੋਧੀ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰਨ ਵਾਲੇ ਨੌਜਵਾਨ ਵਾਰਸਾਂ ਦੇ ਯਤਨਾਂ ਤੇ ਇਰਾਦਿਆਂ ਦੀ ਗਵਾਹੀ ਹੋ ਕੇ ਆਇਆ ਸੀ । ਨਾਅਰਿਆਂ ਦੀ ਇਹ ਗੂੰਜ ਦੱਸ ਰਹੀ ਸੀ ਕਿ ਅਨੇਕਾਂ ਸਾਜ਼ਿਸ਼ੀ ਝੱਖੜਾਂ ਦੇ ਬਾਵਜੂਦ ਵੀ ਹਾਕਮ ਪੰਜਾਬ ਦੀ ਜਵਾਨੀ ਨੂੰ ਉਸਦੇ ਸਾਮਰਾਜ ਵਿਰੋਧੀ ਜੁਝਾਰੂ ਰੋਲ ਤੋਂ ਬੇਮੁਖ ਨਹੀਂ ਕਰ ਸਕਦੇ ਤੇ ਤਿੱਖੇ ਹੋ ਰਹੇ ਕੌਮੀ-ਕੌਮਾਂਤਰੀ ਸੰਕਟਾਂ ਦਰਮਿਆਨ ਇਹ ਰੋਲ ਮੁੜ ਲਿਸ਼ਕ ਉੱਠਣਾ ਹੈ ।
ਨਾਟਕਾਂ ਦੀ ਰਾਤ ਦੇ ਆਗਾਜ਼ ਮੌਕੇ ਉੱਘੇ ਇਨਕਲਾਬੀ ਕਵੀ ਕਾਮਰੇਡ ਦਰਸ਼ਨ ਖੜਕੜ ਵੱਲੋਂ ਸੁਣਾਇਆ ਗਿਆ ਫ਼ਲਸਤੀਨੀ ਲੋਕਾਂ ਦੇ ਦਰਦ ਨੂੰ ਗਾਉਂਦਾ ਗੀਤ “ਸੁਣ ਯਾਰਾ ਮੈਂ ਗਾਜਾ ਕਹਿਨਾਂ…” ਪੰਜਾਬ ਦੇ ਇਨਕਲਾਬੀ ਲਹਿਰ ਦੇ ਮਨ ਤੇ ਸੋਚਾਂ ਅੰਦਰ ਫਲਸਤੀਨੀ ਲੋਕਾਂ ਦੀ ਹਮਾਇਤੀ ਭਾਵਨਾ ਚਿੰਨ੍ਹ ਬਣ ਕੇ ਪੇਸ਼ ਹੋਇਆ ।
ਮੇਲੇ ‘ਚ ਫਲਸਤੀਨੀ ਕੌਮੀ ਮੁਕਤੀ ਸੰਘਰਸ਼ ਦੀ ਹਮਾਇਤ ਤੇ ਸਾਮਰਾਜਵਾਦੀ ਜੰਗੀ ਮੁਹਿੰਮਾਂ ਦੇ ਵਿਰੋਧ ਦੀ ਮੌਜੂਦਗੀ ਮੇਲੇ ਵੱਲੋਂ ਸਾਮਰਾਜਵਾਦ ਵਿਰੋਧੀ ਕੌਮੀ ਮੁਕਤੀ ਸੰਗਰਾਮ ਦੀ ਵਿਰਾਸਤ ਨੂੰ ਹਕੀਕੀ ਅਰਥਾਂ ਚ ਬੁਲੰਦ ਕਰਦੀ ਸੀ।



