ਮਲੇਰਕੋਟਲਾ, 13 ਫਰਵਰੀ (ਅਬੂ ਜ਼ੈਦ): ਇਲਾਕੇ ਦੇ ਨਾਮਵਰ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਹਜ਼ਰਤ ਮੌਲਾਨਾ ਕਾਰੀ ਇਕਰਾਮ ਸਾਹਿਬ ਰੁੜਕੀ (ਉਤਰਾਖੰਡ) ਦੀ ਆਮਦ ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਹਜ਼ਰਤ ਮੌਲਾਨਾ ਮੁਫਤੀ ਨਜ਼ੀਰ ਅਹਿਮਦ ਸਾਹਿਬ ਨੇ ਕੀਤੀ । ਮਦਰਸੇ ਦੇ ਮੋਹਤਮੀਮ ਕਾਰੀ ਅਨਵਾਰ ਅਹਿਮਦ ਕਾਸਮੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ । ਕੁਰਆਨ ਪਾਕ ਦੀ ਤਿਲਾਵਤ ਨਾਲ ਸਮਾਗਮ ਦਾ ਆਗਾਜ਼ ਕੀਤਾ ਗਿਆ । ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਕਾਰੀ ਇਕਰਾਮ ਸਾਹਿਬ ਨੇ ਅਜੋਕੇ ਸਮੇਂ ‘ਚ ਮਦਰਸਿਆਂ ਦੀ ਅਹਿਮੀਅਤ ਸਬੰਧੀ ਤਫਸੀਲੀ ਬਿਆਨ ਕੀਤਾ । ਉਨ੍ਹਾਂ ਮਦਰਸਾ ਤਹਿਫੀਜ਼ ਉਲ ਕੁਰਆਨ ਦੇ ਨਿਜ਼ਾਮ, ਸਫਾਈ, ਸਿੱਖਿਆ ਵਿਧੀ ਅਤੇ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਜਿੱਥੇ ਮੋਹਤਮੀਮ ਕਾਰੀ ਅਨਵਾਰ ਨੂੰ ਮੁਬਾਰਕ ਬਾਦ ਦਿੱਤੀ ਉੱਥੇ ਹੀ ਉਨਾਂ ਕਿਹਾ ਕਿ ਸਮਾਜ ਅੰਦਰ ਅਜਿਹੇ ਹੋਰ ਅਨੇਕਾਂ ਅਦਾਰਿਆਂ ਦੀ ਸਖਤ ਜਰੂਰਤ ਹੈ । ਕੋਈ ਵਿਅਕਤੀ ਇੱਕ ਚੰਗਾ ਡਾਕਟਰ, ਇੰਜਨੀਅਰ, ਪ੍ਰਸ਼ਾਸਕ, ਨੇਤਾ, ਵਿਗਿਆਨੀ ਆਦਿ ਬਣਕੇ ਤਦ ਹੀ ਸਮਾਜ ਦੀ ਸਹੀ ਅਰਥਾਂ ‘ਚ ਸੇਵਾ ਕਰ ਸਕਦਾ ਹੈ ਜਦੋਂ ਉਹ ਆਪਣੇ ਅਖਲਾਕ ਅਤੇ ਕਿਰਦਾਰ ਦੀ ਤਰਬੀਅਤ ਕਰੇ ਜੋ ਕਿ ਮਦਰਸੇ ਦੇ ਮਾਹੌਲ ਵਿੱਚ ਹੀ ਮਿਲ ਸਕਦੀ ਹੈ । ਏਪੀਜੇ ਅਬੁਲ ਕਲਾਮ ਵਰਗੇ ਮਹਾਨ ਵਿਗਿਆਨੀ, ਪ੍ਰਧਾਨ ਮੰਤਰੀ ਤੱਕ ਨੇ ਮਦਰਸਿਆਂ ਤੋਂ ਮੁੱਢਲੀ ਤਾਲੀਮ ਹਾਸਿਲ ਕੀਤੀ ।
